ਸਰੀ, ਬੀ.ਸੀ. – ਸਰੀ ਸ਼ਹਿਰ ਸੋਮਵਾਰ, 20 ਅਕਤੂਬਰ, 2025 ਨੂੰ ਹੋਣ ਵਾਲੀ ਕੌਂਸਲ ਮੀਟਿੰਗ ਵਿੱਚ ਦੋ ਮਹੱਤਵਪੂਰਨ ਮਾਮਲਿਆਂ ਨੂੰ ਵਿਚਾਰਨ ਲਈ ਅੱਗੇ ਵਧਾ ਰਿਹਾ ਹੈ।
ਪਹਿਲਾ ਮਾਮਲਾ ਕਾਸਕੋ ਹੋਲਸੇਲ ਕੈਨੇਡਾ ਵੱਲੋਂ ਸਾਊਥ ਸਰੀ ਵਿੱਚ ਨਵੇਂ ਪ੍ਰਸ੍ਤਾਵਿਤ ਕਾਸਕੋ ਸਟੋਰ ਲਈ ਜ਼ਮੀਨ ਦੀ ਵਰਤੋਂ ਨਾਲ ਸੰਬੰਧਿਤ ਹੈ। ਇਹ ਅਰਜ਼ੀ ਜ਼ਮੀਨ ਦੇ ਇਸਤੇਮਾਲ ਦੇ ਏਜੰਡੇ ਦੇ ਹਿੱਸੇ ਵਜੋਂ ਪਹਿਲੀ ਅਤੇ ਦੂਜੀ ਰੀਡਿੰਗ ਲਈ ਪੇਸ਼ ਕੀਤਾ ਜਾ ਰਿਹਾ ਹੈ। ਜੇਕਰ ਕੌਂਸਲ ਇਸ ਪੜਾਅ ਦਾ ਸਮਰਥਨ ਕਰਦੀ ਹੈ, ਤਾਂ ਇਹ ਪ੍ਰਸਤਾਵ ਜਨਤਕ ਸੁਣਵਾਈ ਵੱਲ ਵਧੇਗਾ, ਜਿੱਥੇ ਨਿਵਾਸੀ ਆਪਣੀ ਰਾਏ ਸਾਂਝੀ ਕਰ ਸਕਣਗੇ, ਜਿਸ ਤੋਂ ਬਾਅਦ ਤੀਜੇ ਪੜਾਅ ‘ਤੇ ਕੋਈ ਫ਼ੈਸਲਾ ਲਿਆ ਜਾਵੇਗਾ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਇਹ ਦੇਖਣਾ ਕਾਫ਼ੀ ਉਤਸ਼ਾਹਜਨਕ ਹੈ ਕਿ ਕਾਸਕੋ ਵਰਗੇ ਵੱਡੇ ਰੋਜ਼ਗਾਰ ਦਾਤਾ ਸਰੀ ਵਿੱਚ ਨਿਵੇਸ਼ ਜਾਰੀ ਰੱਖ ਰਹੇ ਹਨ”। “ਕੌਂਸਲ ਅੱਗੇ ਪੇਸ਼ ਕੀਤਾ ਗਿਆ ਇਹ ਪ੍ਰਸਤਾਵ ਸਾਡੇ ਤੇਜ਼ੀ ਨਾਲ ਵਧ ਰਹੇ ਸਾਊਥ ਸਰੀ ਇਲਾਕੇ ਵਿੱਚ ਸੰਭਾਵੀ ਦੂਜੇ ਕਾਸਕੋ ਸਥਾਨ ਦੀ ਨੁਮਾਇੰਦਗੀ ਕਰਦਾ ਹੈ। ਹਾਲਾਂਕਿ ਇਹ ਅਰਜ਼ੀ ਜ਼ਮੀਨ-ਇਸਤੇਮਾਲ ਦੀ ਮੁਕੰਮਲ ਪ੍ਰਕਿਰਿਆ ਵਿੱਚੋਂ ਲੰਘੇਗੀ, ਪਰ ਸਾਡੀ ਕਮਿਊਨਿਟੀ ਵਿੱਚ ਇਸ ਪੱਧਰ ਦੇ ਵਿਸ਼ਵਾਸ ਅਤੇ ਰੁਚੀ ਨੂੰ ਦੇਖਣਾ ਦਿਲਚਸਪ ਜ਼ਰੂਰ ਹੈ।”
ਸੋਮਵਾਰ ਦੇ ਏਜੰਡੇ ‘ਤੇ ਦੂਜਾ ਮਾਮਲਾ 24 ਐਵਿਨਿਊ ਓਵਰਪਾਸ ਦੇ ਯੋਜਨਾਬੱਧ ਸੁਧਾਰਾਂ ਬਾਰੇ ਇੱਕ ਕਾਰਪੋਰੇਟ ਰਿਪੋਰਟ ਪੇਸ਼ ਕਰਨਾ ਹੈ, ਜੋ ਸੂਬਾ ਸਰਕਾਰ ਦੀ ਭਾਈਵਾਲੀ ਵਿੱਚ ਵਿਕਸਤ ਕੀਤੀ ਗਈ ਹੈ। ਇਨ੍ਹਾਂ ਸੁਧਾਰਾਂ ਦਾ ਉਦੇਸ਼ ਹਾਈਵੇਅ 99 ਤੱਕ ਵਧੀਆ ਪਹੁੰਚ ਬਣਾਉਣ ਅਤੇ ਨਿਕਾਸ ਨੂੰ ਸ਼ਾਮਲ ਕਰਨਾ, ਸਾਊਥ ਸਰੀ ਵਿੱਚ ਭੀੜ ਤੋਂ ਛੁਟਕਾਰਾ ਪਾਉਣ ਅਤੇ ਇਲਾਕੇ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਅਤੇ ਆਵਾਜਾਈ ਦਾ ਸਮਰਥਨ ਕਰਨ ਲਈ ਕੀਤੇ ਜਾ ਰਹੇ ਹਨ।
ਮੇਅਰ ਲੌਕ ਨੇ ਕਿਹਾ, “24 ਐਵਿਨਿਊ ਇੰਟਰਚੇਂਜ ਵਿੱਚ ਸੁਧਾਰ, ਸਾਊਥ ਸਰੀ ਦੇ ਇੱਕ ਮਹੱਤਵਪੂਰਨ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਹੈ।” “ਹਾਲਾਂਕਿ ਇਸ ਰਿਪੋਰਟ ਨੂੰ ਕੌਂਸਲ ਦੁਆਰਾ ਧਿਆਨ ਨਾਲ ਵਿਚਾਰਿਆ ਜਾਵੇਗਾ, ਪਰ ਮੈਂ ਉਤਸ਼ਾਹਿਤ ਹਾਂ ਕਿ ਅਸੀਂ ਸੂਬਾ ਸਰਕਾਰ ਨਾਲ ਰਲ਼ਕੇ ਕੰਮ ਕਰਦਿਆਂ, ਇਸ ਇਲਾਕੇ ਵਿੱਚ ਅਹਿਮ ਸੰਪਰਕ ਵਧਾਉਣ, ਸੁਰੱਖਿਆ ਅਤੇ ਟਰੈਫ਼ਿਕ ਪ੍ਰਵਾਹ ਨੂੰ ਸੁਧਾਰਨ ਵੱਲ ਅੱਗੇ ਵੱਧ ਰਹੇ ਹਾਂ।”
ਇਹ ਦੋਵੇਂ ਮਾਮਲੇ ਸਰੀ ਸ਼ਹਿਰ ਦੇ ਸੁਚਾਰੂ ਵਿਕਾਸ, ਨਿਵਾਸੀਆਂ ਅਤੇ ਵਪਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਦੇ ਲਗਾਤਾਰ ਯਤਨਾਂ ਨੂੰ ਦਰਸਾਉਂਦੇ ਹਨ।