ਕੌਮਾਂਤਰੀ ਪੱਧਰ ਦੇ ਕੈਨੇਡਾ ‘ਚ ਹੋਣ ਵਾਲੇ ਪੰਜਾਬੀ ਸੰਮੇਲਨ ਦੌਰਾਨ ਵਿਚਾਰੇ ਜਾਣਗੇ ਅਹਿਮ ਮੁੱਦੇ ਕੈਨੇਡਾ ‘ਚ ਪੰਜਾਬੀ ਵਿਦਿਆਰਥੀਆਂ ਦੇ ਮੁੱਦਿਆਂ ‘ਤੇ ਵੀ ਖੁੱਲਕੇ ਸਾਂਝੇ ਕੀਤੇ ਵਿਚਾਰ

ਕੌਮਾਂਤਰੀ ਪੱਧਰ ‘ਤੇ ਕੈਨੇਡਾ ‘ਚ ਹੋਣ ਵਾਲੇ ਪੰਜਾਬੀ ਸਾਹਿਤ, ਚੇਤਨਤਾ ਤੇ ਪਰਵਾਸ ਦੇ ਮੁੱਦੇ ‘ਤੇ ਸੰਮੇਲਨ ਦੌਰਾਨ ਇਸ ਵਾਰ ਪੰਜਾਬੀ ਵਿਦਿਆਰਥੀਆਂ ਦੀ ਕੈਨੇਡਾ ‘ਚ ਆਮਦ, ਉਨ੍ਹਾਂ ਦੀਆਂ ਸਮੱਸਿਆਵਾਂ ਤੇ ਭਵਿੱਖ ਨੂੰ ਲੈ ਕੇ ਵੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ l ਕੈਨੇਡਾ ‘ਚ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸਰੀ ਸ਼ਹਿਰ ‘ਚ ਹੋ ਰਹੇ ਇਸ ਸੰਮੇਲਨ ਤੋਂ ਪਹਿਲਾਂ ਮੇਰੀ ਪੰਜਾਬ ਫੇਰੀ ਦਾ ਮਕਸਦ ਸੰਮੇਲਨ ਦੌਰਾਨ ਵਿਚਾਰੇ ਜਾਣ ਵਾਲੇ ਮੁੱਦਿਆਂ ‘ਤੇ ਪੰਜਾਬ ਦੀ ਲੋਕ ਰਾਇ ਲਾਮਬੰਦ ਕਰਨਾ ਹੈl
ਉਪਰੋਕਤ ਪ੍ਰਗਟਾਵਾ ਇਥੇ ਸੰਮੇਲਨ ਦੇ ਮੁੱਖ ਪ੍ਰਬੰਧਕ ਤੇ ਕੈਨੇਡਾ ਦੇ ਉੱਘੇ ਬਿਜਨਸ਼ਮੈਨ ਸੁੱਖੀ ਬਾਠ ਨੇ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਕੀਤਾ l ਉਨ੍ਹਾਂ ਦੱਸਿਆ ਕਿ ਕੈਨੇਡਾ ‘ਚ ਪੰਜਾਬੀ ਮਾਂ ਬੋਲੀ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਸਥਾਪਤ ਕੀਤੇ ਪੰਜਾਬ ਭਵਨ ਵਲੋਂ ਕਰਵਾਏ ਜਾ ਰਹੇ ਇਸ ਪੰਜਵੇਂ ਸੰਮੇਲਨ ਦੌਰਾਨ ਦੁਨੀਆਂ ਦੇ ਹੋਰ ਵੀ ਦੇਸ਼ਾਂ ਤੋਂ ਬੁੱਧੀਜੀਵੀ, ਚਿੰਤਕ ਤੇ ਲੋਕ ਪੱਖੀ ਭਾਵਨਾ ਰੱਖਣ ਵਾਲੀਆਂ ਸ਼ਖ਼ਸੀਅਤਾਂ ਪੁੱਜ ਰਹੀਆਂ ਹਨ l ਸੁੱਖੀ ਬਾਠ ਨੇ ਕਿਹਾ ਕਿ ਪੰਜਾਬੀ ਭਵਨ ਕੈਨੇਡਾ ‘ਚ ਪੰਜਾਬੀਆਂ ਦਾ ਅਜਿਹਾ ਮੰਚ ਹੈ, ਜਿਥੇ ਬੈਠ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਹੁੰਦੀ ਹੈ ਤੇ ਆਪਣੀ ਮਾਤ ਭੂਮੀ ਦੇ ਨਾਲ ਲੋਕ ਮੁੱਦਿਆਂ ‘ਤੇ ਵੀ ਚਰਚਾ ਅਤੇ ਇਨ੍ਹਾਂ ਦੇ ਹੱਲ ਬਾਰੇ ਇਕ ਰਾਇ ਵੀ ਲਾਮਬੰਦ ਕੀਤੀ ਜਾਂਦੀ ਹੈ l ਸ. ਬਾਠ ਨੇ ਕਿਹਾ ਕਿ 8 ਤੇ 9 ਅਕਤੂਬਰ ਨੂੰ ਹੋਣ ਵਾਲੇ ਸੰਮੇਲਨ ਦੀਆਂ ਤਿਆਰੀਆਂ ਕੈਨੇਡਾ ਚ ਸ਼ੁਰੂ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਇਸ ਫੇਰੀ ਦੌਰਾਨ ਸਾਹਮਣੇ ਆਈ ਲੋਕ ਰਾਇ ਵੀ ਇਸ ਸੰਮੇਲਨ ਦਾ ਹਿੱਸਾ ਬਣੇਗੀ l
ਸ. ਬਾਠ ਨੇ ਇਸ ਸਮੇਂ ਪੰਜਾਬ ‘ਚ ਚੁਫੇਰੇ ਚਰਚਾ ‘ਚ ਬਣੇ ਵਿਦਿਆਰਥੀਆਂ ਦੇ ਪਰਵਾਸ ਦੇ ਮੁੱਦੇ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਪਰਵਾਸ ਭਾਵੇਂ ਸਦੀਆਂ ਤੋਂ ਚਲਦਾ ਆ ਰਿਹਾ ਹੈ ਤੇ ਕੈਨੇਡਾ ਹਮੇਸ਼ਾ ਪੰਜਾਬੀਆਂ ਦੀ ਚਾਹਤ ਭੂਮੀ ਰਹੀ ਹੈ ਤੇ ਪੰਜਾਬੀ ਵਿਦਿਆਰਥੀਆਂ ਦਾ ਵੀ ਕੈਨੇਡਾ ਵੱਲ ਰੁਝਾਨ, ਇਸੇ ਰੁਝਾਨ ਦਾ ਹੀ ਹਿੱਸਾ ਹੈ ਤੇ ਇਹ ਵਿਦਿਆਰਥੀ ਵੀ ਆਪਣੇ ਰੌਸ਼ਨ ਭਵਿੱਖ ਤੇ ਰੁਜਗਾਰ ਲਈ ਵਿਦੇਸ਼ਾਂ ਵੱਲ ਜਾ ਰਹੇ ਹਨ l ਉਨ੍ਹਾਂ ਕਿਹਾ ਕਿ ਇਸ ਸਮੇਂ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕੈਨੇਡਾ ਸਮੇਤ ਹੋਰ ਦੇਸ਼ਾਂ ‘ਚ ਜਿਥੇ ਸਾਡੇ ਵਿਦਿਆਰਥੀ ਗਏ ਹਨ ਜਾਂ ਜਾਣ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਲਈ ਵਿਦੇਸ਼ਾਂ ‘ਚ ਦਰਪੇਸ਼ ਚਣੌਤੀਆਂ ਦਾ ਅਸੀਂ ਕਿਸ ਤਰਾਂ ਹੱਲ ਕਰੀਏ l
ਇਸ ਸਮੇਂ ਕੈਨੇਡਾ ‘ਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਰੁਜਗਾਰ ਨਾ ਮਿਲਣਾ, ਰਹਾਇਸ ਦਾ ਪ੍ਰਬੰਧ ਨਾ ਹੋਣਾ ਜੇ ਹੋਣਾ ਤਾਂ ਵੱਡੇ ਕਿਰਾਏ ਨਾ ਭਰੇ ਜਾਣਾ, ਵਧਦੀ ਮਹਿੰਗਾਈ ਤੇ ਦੂਸਰੇ ਪਾਸੇ ਕਈ ਮਾੜੀ ਭਾਵਨਾ ਵਾਲੇ ਲੋਕਾਂ ਤੇ ਵਿੱਦਿਅਕ ਅਦਾਰਿਆਂ ਦੇ ਮਾਲਕਾਂ ਵਲੋਂ ਵਿਦਿਆਰਥੀਆਂ ਨਾਲ ਖਿਲਵਾੜ ਕਰਨਾ ਹੋਰ ਵੀ ਚਿੰਤਤ ਕਰਨ ਵਾਲੇ ਮੁੱਦੇ ਹਨ, ਜਿਨ੍ਹਾਂ ਦੇ ਹੱਲ ਲਈ ਪੰਜਾਬੀਆਂ ਦੇ ਨਾਲ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਿੰਮੇਵਾਰੀ ਪਹਿਚਾਨਣੀ ਪਵੇਗੀ, ਜੋ ਸਮੇਂ ਦੀ ਅਹਿਮ ਲੋੜ ਹੈ l ਸ. ਬਾਠ ਨੇ ਦੱਸਿਆ ਕਿ ਪੰਜਾਬ ਭਵਨ ਵਲੋਂ ਇਕ ਅਜਿਹਾ ਛੋਟਾ ਕਿਤਾਬਚਾ ਵੀ ਛਪਵਾਇਆ ਗਿਆ, ਜੋ ਉਹ ਪੰਜਾਬ ਦੇ ਵਿੱਦਿਅਕ ਅਦਾਰਿਆਂ ਦੇ ਦੌਰੇ ਦੌਰਾਨ ਵੰਡਣਗੇ, ਜੋ ਵਿਦਿਆਰਥੀਆਂ ਲਈ ਜਾਣਕਾਰੀ ਭਰਪੂਰ ਹੋਵੇਗਾ l ਸ. ਬਾਠ ਇਸ ਮੁੱਦੇ ‘ਤੇ ਸਮੇਂ ਦੀਆਂ ਸਰਕਾਰਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਰੂਰ ਗੰਭੀਰ ਹੋਣ ਦਾ ਸੱਦਾ ਦਿੱਤਾ l
ਉਨ੍ਹਾਂ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਬੈਠੇ ਪੰਜਾਬੀ ਭਾਈਚਾਰੇ ਦੀਆਂ ਆਪਣੀ ਮਾਤ ਭੂਮੀ ਨਾਲ ਜੁੜੀਆਂ ਭਾਵਨਾਵਾਂ ਦਾ ਜਿਕਰ ਕਰਦਿਆਂ, ਪ੍ਰਵਾਸੀ ਪੰਜਾਬੀਆਂ ਵਲੋਂ ਆਪਣੀ ਮਾਤ ਭੂਮੀ ਦੇ ਸਰਵਪੱਖੀ ਵਿਕਾਸ ਲਈ ਨਿਭਾਈ ਜਾਂਦੀ ਭੂਮਿਕਾ ਦਾ ਜਿਕਰ ਕੀਤਾ l ਉਨ੍ਹਾਂ ਭਰੋਸਾ ਦਿੱਤਾ ਕਿ ਵਿਦੇਸ਼ਾਂ ‘ਚ ਬੈਠੇ ਪੰਜਾਬੀ ਆਪਣੇ ਭਾਈਚਾਰੇ ਦੇ ਹੱਕਾਂ ਤੇ ਹਿੱਤਾਂ ਲਈ ਇਹ ਯਤਨ ਹਮੇਸ਼ਾ ਜਾਰੀ ਰੱਖਣਗੇ
Report:- JOGINDER SINGH