
ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਸਰੀ ਦੇ ਨਿਊਟਨ ਇਲਾਕੇ ਵਿੱਚ ਈਦ ਉਲ -ਫਿੱਤਰ ਦਾ ਤਿਉਹਾਰ ਬੜੀ ਸ਼ਾਨੋ-ਸ਼ੌਕਤ ਅਤੇ ਖੁਸ਼ੀ ਨਾਲ ਮਨਾਇਆ ਗਿਆ, ਜਿੱਥੇ ਸਥਾਨਕ ਮੁਸਲਿਮ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ’ਤੇ ਕੈਨੇਡਾ ਦੇ ਐਮਪੀ ਸੁਖ ਧਾਲੀਵਾਲ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਸਭ ਨੂੰ ਈਦ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ।
ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਈਦ ਅਲ-ਫ਼ਿਤਰ ਸਾਂਝ, ਭਾਈਚਾਰੇ, ਦਇਆ ਅਤੇ ਸ਼ੁਕਰਾਨੇ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਇਕੱਠੇ ਰਹਿਣ, ਇੱਕ-ਦੂਜੇ ਦੀ ਕਦਰ ਕਰਨ ਅਤੇ ਸਮਾਜ ਵਿੱਚ ਪਿਆਰ ਤੇ ਅਮਨ ਨੂੰ ਵਧਾਉਣ ਦਾ ਸੰਦੇਸ਼ ਦਿੰਦਾ ਹੈ।
ਉਨ੍ਹਾਂ ਨੇ ਮੁਸਲਿਮ ਭਾਈਚਾਰੇ ਲਈ ਦੁਆ ਕੀਤੀ ਕਿ ਆਉਣ ਵਾਲੀਆਂ ਸਾਰੀਆਂ ਈਦਾਂ ਵੀ ਇਸੇ ਤਰ੍ਹਾਂ ਖੁਸ਼ਹਾਲੀ, ਚੜ੍ਹਦੀ ਕਲਾ ਅਤੇ ਏਕਤਾ ਦੇ ਮਾਹੌਲ ਵਿੱਚ ਮਨਾਈਆਂ ਜਾਣ। ਸਮਾਗਮ ਦੌਰਾਨ ਭਾਈਚਾਰੇ ਦੇ ਲੋਕਾਂ ਨੇ ਵੀ ਇੱਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਵਧਾਈਆਂ ਦਿੱਤੀਆਂ ਅਤੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।