ਸਿਟੀ ਵਲੋਂ ਆਯੋਜਿਤ ਇਸ ਮੁਫ਼ਤ ਸਮਾਗਮ ਵਿੱਚ ਮਸ਼ਹੂਰ ਕੈਨੇਡੀਅਨ ਬੈਂਡ, ਮੂਲ ਨਿਵਾਸੀ ਸੱਭਿਆਚਾਰਕ ਸਾਂਝ ਅਤੇ ਭਾਂਤ-ਭਾਂਤ ਦੀਆਂ ਪਰਿਵਾਰਿਕ ਗਤੀਵਿਧੀਆਂ ਸ਼ਾਮਲ ਸਨ
ਸਰੀ, ਬੀ.ਸੀ. – ਕੱਲ੍ਹ, ਸਰੀ ਵਿੱਚ ਕੈਨੇਡਾ ਦਿਵਸ ਮੌਕੇ ਆਪਣੇ ਦੇਸ਼ ਪ੍ਰਤੀ ਪਿਆਰ ਤੇ ਜਜ਼ਬੇ ਦਾ ਜਸ਼ਨ ਮਨਾਉਣ ਲਈ 75,000 ਤੋਂ ਵੱਧ ਲੋਕ ਬਿੱਲ ਰੀਡ ਮਿਲੇਨੀਅਮ ਐਂਫੀਥੀਏਟਰ ਵੱਲ ਖਿੱਚੇ ਚਲੇ ਆਏ। ਪ੍ਰੌਸਪੇਰਾ ਕ੍ਰੈਡਿਟ ਯੂਨੀਅਨ (Prospera Credit Union) ਵੱਲੋਂ ਪੇਸ਼ ਕੀਤੇ ਗਏ ਇਸ ਮੁਫ਼ਤ ਸਾਲਾਨਾ ਸਮਾਗਮ ਵਿੱਚ ਕੈਨੇਡੀਅਨ ਹੈੱਡਲਾਈਨਰਜ਼ ਗੋਲਡੀ ਬੁਟੀਲੀਅਰ (Goldie Boutilier) ਅਤੇ ਗੈਰੇਟ ਟੀ. ਵਿਲੀ (Garret T. Willie) ਦੇ ਨਾਲ ਦਾ ਰੇਕਲਾਅਜ਼ (The Reklaws) ਦੀਆਂ ਪੇਸ਼ਕਾਰੀਆਂ ਸ਼ਾਮਲ ਸਨ। ਉੱਥੇ ਮੌਜੂਦ ਦਰਸ਼ਕਾਂ ਨੇ ਚਾਰ ਵੱਖ-ਵੱਖ ਸਟੇਜਾਂ ‘ਤੋਂ ਮੌਕੇ ‘ਤੇ ਚੱਲ ਰਹੇ ਗੀਤ-ਸੰਗੀਤ,ਮਨੋਰੰਜਨ, ਮੂਲ ਨਿਵਾਸੀਆਂ ਦੇ ਇੱਕ ਪਿੰਡ ਤੇ ਬਾਜ਼ਾਰ, 30 ਤੋਂ ਵੱਧ ਫੂਡ ਟਰੱਕਾਂ, ਝੂਲਿਆਂ ਅਤੇ ਅੰਤ ਵਿੱਚ ਸ਼ਾਨਦਾਰ ਆਤਿਸ਼ਬਾਜ਼ੀ ਦਾ ਅਨੰਦ ਮਾਣਿਆ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਦਾ ਇਸ ਸਾਲ ਦਾ ਕੈਨੇਡਾ ਡੇਅ ਸਾਡੇ ਸ਼ਹਿਰ ਨੂੰ ਪਰਿਭਾਸ਼ਿਤ ਕਰਨ ਵਾਲੀ ਮਜ਼ਬੂਤੀ, ਜਜ਼ਬੇ ਅਤੇ ਵਿਭਿੰਨਤਾ ਦੀ ਖ਼ੂਬ ਯਾਦ ਦਿਵਾਉਂਦਾ ਸੀ। ਦਾ ਰੇਕਲਾਅਜ਼ (The Reklaws) ਵਰਗੇ ਚੋਟੀ ਦੇ ਕੈਨੇਡੀਅਨ ਸੰਗੀਤਕਾਰਾਂ ਦੀਆਂ ਪ੍ਰਸਤੁਤੀਆਂ ਤੋਂ ਸ਼ੁਰੂ ਹੋ ਕੇ ਮੂਲ-ਵਾਸੀਆਂ ਦੇ ਪਿੰਡ ਵਿੱਚ ਪ੍ਰਦਾਨ ਕੀਤੀ ਗਈ ਸੱਭਿਆਚਾਰਕ ਸਾਂਝੇਦਾਰੀ ਤੱਕ, ਪੂਰਾ ਦਿਨ ਕੈਨੇਡੀਅਨ ਏਕਤਾ ਅਤੇ ਮਾਣ ਦਾ ਰੌਣਕ-ਭਰਪੂਰ ਪ੍ਰਦਰਸ਼ਨ ਸੀ। ਮੈਂ ਖ਼ਾਸ ਤੌਰ ‘ਤੇ ਇਸਦਾ ਅਨੰਦ ਮਾਣਿਆ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ, ਜਿਨ੍ਹਾਂ ਨੇ ਇਸ ਵਿੱਚ ਸ਼ਿਰਕਤ ਕੀਤੀ ਅਤੇ ਸਾਡੇ ਸਪਾਂਸਰਾਂ, ਭਾਈਵਾਲਾਂ ਅਤੇ ਕਲਾਕਾਰਾਂ ਦਾ ਤਹਿ ਦਿਲੋਂ ਧੰਨਵਾਦ ਹੈ, ਜਿਹੜੇ ਸਾਲ ਦਰ ਸਾਲ ਇਸ ਦਿਨ ਨੂੰ ਸਫਲ ਬਣਾਉਣ ਵਿੱਚ ਮਦਦ ਕਰਦੇ ਹਨ।”
ਸਰੀ ਦੇ 2025 ਕੈਨੇਡਾ ਦਿਵਸ ਨੇ ਭਾਈਚਾਰੇ ਲਈ ਜਸ਼ਨ ਮਨਾਉਣ ਅਤੇ ਆਪਸੀ ਸੰਪਰਕ ਬਣਾਉਣ ਲਈ ਮਾਹੌਲ ਸਿਰਜਿਆ। ਭਾਵੇਂ ਇਹ ਬਾਈਕ ਸਮੂਦੀਆਂ (Bike Smoothies) ਬਣਾਉਣ ਅਤੇ ਕਮਿਊਨਿਟੀ ਹੱਬ (Community Hub) ਵਿੱਚ ਡਾਂਸ ਮੁਕਾਬਲੇ ਅਤੇ ਡੀਜੇ ਦੇਖਣ ਦੀ ਜਾਂ ਮਨੋਰੰਜਕ ਝੂਲਿਆਂ ਦਾ ਆਨੰਦ ਮਾਣਨ ਦੀ ਅਤੇ ਫੈਮਲੀ ਜ਼ੋਨ ਦਾ ਦੌਰਾ ਕਰਨ ਦੀ ਗੱਲ ਸੀ, ਹਰ ਕਿਸੇ ਲਈ ਦੇਸ਼ ਦਾ ਜਸ਼ਨ ਮਨਾਉਣ ਲਈ ਕੁੱਝ ਨਾ ਕੁੱਝ ਸੀ। ਮੂਲ-ਨਿਵਾਸੀਆਂ ਦੇ ਪਿੰਡ (Indigenous Village) ਅਤੇ ਬਾਜ਼ਾਰ ਨੇ ਸੱਭਿਆਚਾਰਿਕ ਸਾਂਝ ਅਤੇ ਸਿੱਖਿਆ ਦੇ ਨਾਲ-ਨਾਲ ਬੈਨੋਕ (Bannock) ਅਤੇ ਬਾਈਸਨ (bison) ਵਰਗੀਆਂ ਖਾਣ-ਪੀਣ ਦੀਆਂ ਚੀਜ਼ਾਂ ਵੀ ਪ੍ਰਦਾਨ ਕੀਤੀਆਂ। ਉੱਥੇ ਮੌਜੂਦ ਲੋਕਾਂ ਨੇ ਦਿਨ ਭਰ, ਮਨੋਰੰਜਕ ਝੂਲਿਆਂ, ਫੂਡ ਟਰੱਕਾਂ ਅਤੇ ਇੱਕ ਬੀਅਰ ਗਾਰਡਨ ਦਾ ਵੀ ਆਨੰਦ ਮਾਣਿਆ।
ਪ੍ਰੋਸਪੇਰਾ ਦੇ ਮੁੱਖ ਉਤਪਾਦ ਅਤੇ ਰਣਨੀਤੀ ਅਧਿਕਾਰੀ ਕਿਰਸਟਨ ਮੈਕਐਲਗਨ ਨੇ ਕਿਹਾ, “ਕੈਨੇਡਾ ਡੇਅ ਸਾਡੇ ਸਥਾਨਕ ਭਾਈਚਾਰਿਆਂ ਦੀ ਤਾਕਤ ਅਤੇ ਜਜ਼ਬੇ ਦੀ ਇੱਕ ਸ਼ਾਨਦਾਰ ਯਾਦ ਦਿਵਾਉਂਦਾ ਸੀ। ਸਰੀ ਸ਼ਹਿਰ ਅਤੇ ਸਾਡੇ ਆਂਢ-ਗੁਆਂਢ ਨਾਲ ਮਿਲ ਕੇ ਇਹ ਜਸ਼ਨ ਮਨਾਉਣਾ ਕਿ ਮਾਣਮੱਤੇ ਕੈਨੇਡੀਅਨ ਹੋਣ ਦਾ ਕੀ ਅਰਥ ਹੈ, ਬਹੁਤ ਖ਼ੁਸ਼ੀ ਵਾਲੀ ਗੱਲ ਸੀ। ਸਾਡੇ ਵਲੰਟੀਅਰਾਂ ਨੇ ਹਾਜ਼ਰ ਹੋਏ ਲੋਕਾਂ ਨਾਲ ਜੁੜਨ, ਹਜ਼ਾਰਾਂ ਕੁਲਫ਼ੀਆਂ ਵੰਡਣ ਅਤੇ ਕੈਨੇਡਾ ਤੇ ਸਾਡੇ ਭਾਈਚਾਰਿਆਂ ਦੀ ਵਿਭਿੰਨਤਾ ਅਤੇ ਰੰਗੀਨਗੀ ਪੇਸ਼ ਕਰਦੇ ਜਸ਼ਨਾਂ ਦਾ ਆਨੰਦ ਮਾਣਦਿਆਂ ਬਹੁਤ ਵਧੀਆ ਸਮਾਂ ਬਿਤਾਇਆ। ਸਾਨੂੰ ਸਭ ਨੂੰ ਇੱਕਜੁੱਟ ਕਰਦੇ ਇਸ ਸ਼ਾਨਦਾਰ ਮੌਕੇ ਦਾ ਹਿੱਸਾ ਬਣਨ ਦਾ ਪ੍ਰੋਸਪੇਰਾ ਨੂੰ ਮਾਣ ਸੀ।”
ਸਰੀ ਵਲੋਂ ਆਯੋਜਿਤ ਕੀਤੇ ਜਾਂਦਾ ਕੈਨੇਡਾ ਡੇਅ, ਪੱਛਮੀ ਕੈਨੇਡਾ ਵਿੱਚ ਸਭ ਤੋਂ ਵੱਡਾ ਕੈਨੇਡਾ ਡੇਅ ਜਸ਼ਨ ਹੈ, ਜਿਸ ਵਿੱਚ ਮੁਫ਼ਤ ਦਾਖਲਾ, ਭਾਂਤ-ਭਾਂਤ ਦੇ ਮਨੋਰੰਜਨ ਅਤੇ ਹਰ ਉਮਰ ਦੇ ਲੋਕਾਂ ਲਈ ਗਤੀਵਿਧੀਆਂ ਹੁੰਦੀਆਂ ਹਨ।
ਸਮਾਰੋਹ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਗਿਲਫੋਰਡ (Guilford) ਟਾਊਨ ਸੈਂਟਰ ਦਾ 200 ਡਾਲਰ ਦਾ ਗਿਫ਼ਟ ਕਾਰਡ ਜਿੱਤਣ ਦਾ ਮੌਕਾ ਹਾਸਿਲ ਕਰਨ ਲਈ ਇੱਕ ਔਨਲਾਈਨ ਸਰਵੇਖਣ ਵਿੱਚ ਹਿੱਸਾ ਲੈ ਕੇ ਇਸ ਪ੍ਰੋਗਰਾਮ ਬਾਰੇ ਆਪਣੀ ਰਾਇsurreycanadaday.ca ‘ਤੇ ਜਾ ਕੇ ਦੇਣ।