ਕੇਲੋਨਾ, ਬੀ.ਸੀ. — ਕੇਲੋਨਾ RCMP ਨੇ ਇਲਾਕੇ ਦੇ ਵਸਨੀਕਾਂ ਨੂੰ ਇੱਕ ਨਵੇਂ ਕਰੈਡਿਟ ਕਾਰਡ ਘੋਟਾਲੇ ਬਾਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਪਿਛਲੇ ਕੁਝ ਹਫ਼ਤਿਆਂ ਦੌਰਾਨ ਕਈ ਨਿਵਾਸੀਆਂ ਨੇ ਪੁਲਿਸ ਨਾਲ ਸੰਪਰਕ ਕਰਕੇ ਦੱਸਿਆ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਕਾਲਾਂ ਆ ਰਹੀਆਂ ਹਨ, ਜਿੱਥੇ ਕਾਲ ਕਰਨ ਵਾਲੇ ਆਪਣੇ ਆਪ ਨੂੰ ਵੱਡੇ ਕੈਨੇਡੀਅਨ ਬੈਂਕਾਂ ਦਾ ਨੁਮਾਇੰਦਾ ਦੱਸਦੇ ਹਨ। ਉਹ ਦਾਅਵਾ ਕਰਦੇ ਹਨ ਕਿ ਪੀੜਤ ਦੇ ਨਾਂ ’ਤੇ ਸਥਾਨਕ ਸ਼ਾਖਾ ਰਾਹੀਂ ਕਰੈਡਿਟ ਕਾਰਡ ਖੋਲ੍ਹਿਆ ਗਿਆ ਹੈ ਅਤੇ ਉਸ ਰਾਹੀਂ ਰੂਸ ਅਧਾਰਿਤ ਹਥਿਆਰਾਂ ਵਾਲੀ ਵੈੱਬਸਾਈਟ ਤੋਂ ਖਰੀਦਦਾਰੀਆਂ ਕੀਤੀਆਂ ਗਈਆਂ ਹਨ।
ਇਸ ਤੋਂ ਬਾਅਦ ਪੀੜਤ ਨੂੰ ਕਥਿਤ ਤੌਰ ’ਤੇ ਪੁਲਿਸ ਨਾਲ ਵੀਡੀਓ ਕਾਲ ’ਤੇ ਜੋੜਨ ਅਤੇ ਆਪਣੀ ਪਹਿਚਾਣ ਵਾਲੇ ਦਸਤਾਵੇਜ਼ ਸਾਂਝੇ ਕਰਨ ਲਈ ਕਿਹਾ ਜਾਂਦਾ ਹੈ। ਕੁਝ ਮਾਮਲਿਆਂ ਵਿੱਚ ਉਨ੍ਹਾਂ ਤੋਂ ਗੁਪਤਤਾ ਸਮਝੌਤੇ ’ਤੇ ਦਸਤਖ਼ਤ ਕਰਵਾਉਣ ਅਤੇ ਮਾਮਲੇ ਨੂੰ ਰਾਜ਼ ਰੱਖਣ ਲਈ ਵੀ ਦਬਾਅ ਬਣਾਇਆ ਗਿਆ।
ਸੁਖਦਾਈ ਗੱਲ ਇਹ ਹੈ ਕਿ ਹੁਣ ਤੱਕ ਕਿਸੇ ਵੀ ਵਿਅਕਤੀ ਵੱਲੋਂ ਪੈਸੇ ਗੁਆਉਣ ਦੀ ਰਿਪੋਰਟ ਨਹੀਂ ਕੀਤੀ ਗਈ।
ਕੇਲੋਨਾ RCMP ਦੇ ਮੀਡੀਆ ਰਿਲੇਸ਼ਨਜ਼ ਅਧਿਕਾਰੀ ਕਾਰਪੋਰਲ ਸਟੀਵਨ ਲੈਂਗ ਨੇ ਕਿਹਾ,
“ਅਸੀਂ ਜਨਤਾ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਫ਼ੋਨ ਜਾਂ ਆਨਲਾਈਨ ਸਾਂਝੀ ਨਾ ਕਰੋ। ਬੈਂਕ ਜਾਂ ਸਰਕਾਰੀ ਏਜੰਸੀਆਂ ਤੁਹਾਡੇ ਖਾਤਿਆਂ ਤੱਕ ਪਹੁੰਚ ਨਹੀਂ ਮੰਗਦੀਆਂ, ਨਾ ਹੀ ਪੁਲਿਸ ਕਦੇ ਵੀਡੀਓ ਕਾਲ ਰਾਹੀਂ ਤੁਹਾਡੇ ਨਾਲ ਸੰਪਰਕ ਕਰਦੀ ਹੈ।”
ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਏ ਹਨ, ਤਾਂ ਉਹ ਕੇਲੋਨਾ RCMP ਦੀ ਨਾਨ-ਇਮਰਜੈਂਸੀ ਲਾਈਨ 250-762-3300 ’ਤੇ ਸੰਪਰਕ ਕਰਨ ਜਾਂ ਆਨਲਾਈਨ ਰਿਪੋਰਟ ਦਰਜ ਕਰਨ।
ਫ਼ਰਾਡ ਬਾਰੇ ਹੋਰ ਜਾਣਕਾਰੀ ਲਈ ਕੈਨੇਡੀਅਨ ਐਂਟੀ-ਫ਼ਰਾਡ ਸੈਂਟਰ ਦੀ ਵੈੱਬਸਾਈਟ ਵੇਖੋ।


