ਮੀਤ ਸਿੰਘ | ਫਰੀਦਕੋਟ | 18 ਦਸੰਬਰ 2025
ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲ ਰਹੀ ਵਿਸ਼ੇਸ਼ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਡਾ. ਪ੍ਰਗਿਆ ਜੈਨ, ਐਸ.ਐਸ.ਪੀ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸੀ.ਆਈ.ਏ ਸਟਾਫ ਫਰੀਦਕੋਟ ਨੇ ਇੱਕ ਅੰਤਰਰਾਜੀ ਡਰੱਗ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 530 ਗ੍ਰਾਮ ਆਈਸ ਡਰੱਗ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਐਸ.ਪੀ (ਇੰਨਵੈਸਟੀਗੇਸ਼ਨ) ਜੋਗੇਸ਼ਵਰ ਸਿੰਘ ਗੋਰਾਇਆ ਅਤੇ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਸੀ.ਆਈ.ਏ ਟੀਮ ਨੇ ਇਹ ਕਾਰਵਾਈ ਅਮਲ ਵਿੱਚ ਲਿਆਈ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਅਰਚਿੱਤ ਚਪਰਾਣਾ, ਵਾਸੀ ਭਗਵਾਨਪੁਰ ਬਾਗਰ, ਜ਼ਿਲ੍ਹਾ ਮੇਰਠ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।
ਪੁਲਿਸ ਮੁਤਾਬਕ 17 ਦਸੰਬਰ ਨੂੰ ਗਸ਼ਤ ਦੌਰਾਨ ਕੋਠੇ ਡੋਡ ਵਾਲੇ ਰਸਤੇ ’ਤੇ ਸ਼ੱਕ ਦੇ ਆਧਾਰ ’ਤੇ ਦੋਸ਼ੀ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਦੌਰਾਨ ਉਸ ਦੀ ਕਿੱਟ ਵਿੱਚੋਂ 530 ਗ੍ਰਾਮ ਆਈਸ ਡਰੱਗ ਅਤੇ ਇੱਕ ਰੀਅਲਮੀ ਮੋਬਾਇਲ ਫ਼ੋਨ ਬਰਾਮਦ ਹੋਇਆ।
ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿੱਚ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 22(ਸੀ)/61/85 ਤਹਿਤ ਮੁਕੱਦਮਾ ਨੰਬਰ 532 ਮਿਤੀ 17.12.2025 ਦਰਜ ਕੀਤਾ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਇਹ ਨਸ਼ੇ ਦੀ ਖੇਪ ਅੱਗੇ ਸਪਲਾਈ ਕਰਨ ਜਾ ਰਿਹਾ ਸੀ।
ਪੁਲਿਸ ਵੱਲੋਂ ਦੋਸ਼ੀ ਦੇ ਪਿੱਛੇ ਮੌਜੂਦ ਨੈਟਵਰਕ, ਸਾਥੀਆਂ ਅਤੇ ਸਪਲਾਈ ਲਿੰਕਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਧਿਆਨਯੋਗ ਹੈ ਕਿ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਥਾਣਿਆਂ ਵਿੱਚ ਕੁੱਲ 09 ਗੰਭੀਰ ਮੁਕੱਦਮੇ ਦਰਜ ਹਨ।
ਫਰੀਦਕੋਟ ਪੁਲਿਸ ਨੇ ਦੁਹਰਾਇਆ ਕਿ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰੀ ਸਬੰਧੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕੀਤੀ ਜਾਵੇ।
#FaridkotPolice #WarAgainstDrugs #DrugFreePunjab #NDPSAct #IceDrug #PunjabPolice #CrimeNews #AntiDrugDrive #LawAndOrder

