ਸਰੀ, ਬੀ.ਸੀ. (7 ਨਵੰਬਰ 2025) – ਕੈਨੇਡਾ ਦੇ ਸੈਨਿਕਾਂ ਦੀ ਸ਼ਾਨ ਵਿੱਚ ਸਿਟੀ ਆਫ ਸਰੀ ਵੱਲੋਂ ਕਲੋਵਰਡੇਲ ਦੇ 57 ਐਵੇਨਿਊ ਦੇ 17500-ਬਲਾਕ ’ਚ ਰੌਇਲ ਕਨੇਡੀਅਨ ਲੀਜਨ ਦੇ ਨੇੜੇ ਇੱਕ ਨਵਾਂ ਸਮਰਪਿਤ ਕ੍ਰਾਸਵਾਕ ਬਣਾਇਆ ਗਿਆ ਹੈ।
ਇਹ ਕ੍ਰਾਸਵਾਕ ਲਾਲ ਤੇ ਸਫ਼ੈਦ ਰੰਗਾਂ ਨਾਲ ਰੰਗਿਆ ਹੋਇਆ ਹੈ, ਜਿਸ ’ਤੇ ਮੈਪਲ ਪੱਤੇ ਦੇ ਕੋਲ ਇੱਕ ਝੁਕੇ ਹੋਏ ਸੈਨਿਕ ਦੀ ਤਸਵੀਰ ਅਤੇ “Lest We Forget” ਦੇ ਸ਼ਬਦ ਲਿਖੇ ਹੋਏ ਹਨ — ਜੋ ਉਹਨਾਂ ਦੀ ਯਾਦ ਦਾ ਪ੍ਰਤੀਕ ਹੈ ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ।
ਮੇਅਰ ਬ੍ਰੈਂਡਾ ਲੌਕ ਨੇ ਕਿਹਾ, “ਹਰ ਨਵੰਬਰ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਕੈਨੇਡਾ ਲਈ ਸੇਵਾ ਕੀਤੀ ਅਤੇ ਕੁਰਬਾਨੀ ਦਿੱਤੀ। ਇਹ ਕ੍ਰਾਸਵਾਕ ਸਾਡੇ ਰਾਸ਼ਟਰੀ ਝੰਡੇ ਦੇ ਰੰਗਾਂ ਵਿੱਚ ਉਹਨਾਂ ਦੀ ਹਿੰਮਤ ਅਤੇ ਸਮਰਪਣ ਦਾ ਪ੍ਰਤੀਕ ਹੈ।”
ਇਹ ਪ੍ਰੋਜੈਕਟ ਸਿਟੀ ਵੱਲੋਂ ਰੀਮੈਂਬਰੈਂਸ ਡੇ ਤੋਂ ਪਹਿਲਾਂ ਸੈਨਿਕਾਂ ਦੀ ਸੇਵਾ ਦਾ ਸਨਮਾਨ ਕਰਨ ਦੀ ਲੜੀ ਦਾ ਹਿੱਸਾ ਹੈ। ਮੁੱਖ ਸਮਾਰੋਹ Veterans Square (17710 56A Ave) ’ਤੇ ਰੌਇਲ ਕਨੇਡੀਅਨ ਲੀਜਨ ਕਲੋਵਰਡੇਲ ਸ਼ਾਖਾ ਵੱਲੋਂ ਕੀਤਾ ਜਾਵੇਗਾ। ਸਿਟੀ ਵੱਲੋਂ ਸਾਰੇ ਨਿਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਸ਼ਾਮਲ ਹੋ ਕੇ ਦੇਸ਼ ਦੇ ਹੀਰੋਜ਼ ਨੂੰ ਸ਼ਰਧਾਂਜਲੀ ਦੇਣ।

ਹੋਰ ਜਾਣਕਾਰੀ ਲਈ ਵੇਖੋ: surrey.ca/remembranceday

