ਵੈਨਕੂਵਰ (ਜੋਗਿੰਦਰ ਸਿੰਘ) – ਵਿਸ਼ਵ ਪੱਧਰ ’ਤੇ ਜਿੱਥੇ ਸੋਸ਼ਲ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਲੰਮੇ ਸਮੇਂ ਤੋਂ ਲੋਕ ਮਨਾਂ ‘ਚ ਆਪਣੀ ਪਕੜ ਬਣਾਈ ਹੋਈ ਹੈ, ਉੱਥੇ ਪ੍ਰਿੰਟ ਮੀਡੀਆ ਦੀ ਮਹੱਤਤਾ ਅੱਜ ਵੀ ਜ਼ਿੰਦਾਬਾਦ ਹੈ। ਮੌਜੂਦਾ ਚੁਣੌਤੀਆਂ ਦੇ ਦੌਰ ’ਚ ਪ੍ਰਿੰਟ ਮੀਡੀਆ ਸਮਾਜ ਨੂੰ ਸਹੀ ਰਸਤਾ ਦਿਖਾਉਣ ਅਤੇ ਲੋਕਾਂ ਲਈ ਪ੍ਰਤੀਬੱਧਤਾ ਨਿਭਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਇਹ ਗੱਲ ਦੇਸ਼ ਪ੍ਰਦੇਸ਼ ਟਾਈਮਜ਼ ਕੈਨੇਡਾ ਦੇ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਨੇ ਸਪਾਇਸ ਇੰਡੀਆ ਕਲੱਬ ਰੈਸਟੋਰੈਂਟ ਸਰੀ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਦੌਰਾਨ ਕਹੀ, ਜਿਸ ਵਿੱਚ ਪੰਜਾਬੀ ਦੇ ਸਿਰਮੌਰ ਅਖਬਾਰ ‘ਅਜੀਤ’ ਦੇ ਨਿਊਜ਼ ਐਡੀਟਰ ਅਵਤਾਰ ਸਿੰਘ ਸ਼ੇਰਗਿੱਲ ਦੀ ਆਮਦ ਮੌਕੇ ਚਰਚਾ ਕੀਤੀ ਗਈ।
ਇਸ ਸਮਾਗਮ ਵਿੱਚ ਰੀਅਲਟਰ ਅਤੇ ਰੇਡੀਓ ਹੋਸਟ ਸ. ਅੰਗਰੇਜ ਸਿੰਘ ਬਰਾੜ, ਨਿਰਲੇਪ ਸਿੰਘ ਗਿੱਲ ਅਤੇ ਭੁਪਿੰਦਰ ਸਿੰਘ ਬੱਬੀ ਵੱਲੋਂ ਮਹੱਤਵਪੂਰਨ ਯੋਗਦਾਨ ਦਿੱਤਾ ਗਿਆ। ਸੈਮੀਨਾਰ ਵਿੱਚ ਮੌਜੂਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ. ਚੋਹਲਾ ਨੇ ਪ੍ਰਿੰਟ ਮੀਡੀਆ ਦੀ ਮਹੱਤਤਾ ’ਤੇ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਜਿੱਥੇ ਸੋਸ਼ਲ ਮੀਡੀਆ ’ਤੇ ਸਨਸ਼ਨੀਖੇਜ਼ ਖਬਰਾਂ ਨਾਲ ਵਿਊਜ਼ ਅਤੇ ਪੈਸਾ ਕਮਾਉਣ ਦੀ ਦੌੜ ਹੈ, ਉੱਥੇ ਪ੍ਰਿੰਟ ਮੀਡੀਆ ਅਜੇ ਵੀ ਸੱਚਾਈ ਅਤੇ ਤੱਥਾਂ ਨਾਲ ਭਰੀਆਂ ਖਬਰਾਂ ਦੇਣ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ।
ਅਵਤਾਰ ਸਿੰਘ ਸ਼ੇਰਗਿੱਲ ਨੇ ਇਸ ਮੌਕੇ ਪੰਜਾਬੀ ਪੱਤਰਕਾਰੀ ਦੀ ਭੂਮਿਕਾ ਤੇ ਚੁਣੌਤੀਆਂ ਨੂੰ ਚਰਚਾ ਦਾ ਕੇਂਦਰ ਬਣਾਇਆ। ਉਨ੍ਹਾਂ ਨੇ ਕਿਹਾ ਕਿ ਅੱਜ ਕੱਲ੍ਹ ਪੰਜਾਬੀ ਅਖਬਾਰਾਂ ਨੂੰ ਚਲਾਉਣ ਲਈ ਭਾਰੀ ਸੰਘਰਸ਼ ਕਰਨਾ ਪੈਦਾ ਹੈ, ਪਰ ਸੱਚਾਈ ਦੀ ਆਵਾਜ਼ ਨਿਭਾਉਣ ਲਈ ਸਾਰਾ ਪੰਜਾਬੀ ਭਾਈਚਾਰਾ ਇਕੱਜੁੱਟ ਹੋਵੇ। ਉਨ੍ਹਾਂ ਨੇ ਸਵਾਲ-ਜਵਾਬ ਸੈਸ਼ਨ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ, ਜਿਸ ਵਿੱਚ ਸਹੀ ਖਬਰਾਂ ਪਹੁੰਚਾਉਣ ਲਈ ਆਉਣ ਵਾਲੀਆਂ ਰੁਕਾਵਟਾਂ ਤੇ ਮਾਫੀਆ ਦੌਰ ਵਿੱਚ ਪੱਤਰਕਾਰਾਂ ਨੂੰ ਮਿਲ ਰਹੀਆਂ ਧਮਕੀਆਂ ’ਤੇ ਵੀ ਚਰਚਾ ਹੋਈ।
ਇਸ ਸਮਾਗਮ ਵਿੱਚ ਉਘੇ ਕਵੀ ਮੋਹਨ ਸਿੰਘ ਗਿੱਲ, ਮਹੇਸ਼ਇੰਦਰ ਸਿੰਘ ਮਾਂਗਟ, ਜਰਨੈਲ ਸਿੰਘ, ਮਹਿਲਾ ਪੱਤਰਕਾਰ ਲਵੀ ਪੰਨੂ, ਸੰਦੀਪ ਕੌਰ ਅਤੇ ਹੋਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅਖਬਾਰਾਂ ਦੀ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਭੂਮਿਕਾ ਨੂੰ ਸਲਾਹਿਆ ਅਤੇ ‘ਅਜੀਤ’ ਅਖਬਾਰ ਦੇ ਪੰਜਾਬੀਅਤ ਲਈ ਨਿਭਾਏ ਜਾ ਰਹੇ ਯਤਨਾਂ ਨੂੰ ਪ੍ਰਸ਼ੰਸਾ ਦਿੱਤੀ।
ਇਸ ਮੌਕੇ ਉਪਸਥਿਤ ਹੋਰ ਵਿਅਕਤੀਆਂ ਵਿੱਚ ਜਰਨੈਲ ਸਿੰਘ ਖੰਡੌਲੀ, ਅਕਾਸ਼ਦੀਪ ਸਿੰਘ ਛੀਨਾ, ਦਵਿੰਦਰ ਸਿੰਘ ਲਿੱਟ ਆਦਿ ਮੌਜੂਦ ਸਨ। ਇਹ ਸੈਮੀਨਾਰ ਪੰਜਾਬੀ ਪੱਤਰਕਾਰੀ ਅਤੇ ਭਵਿੱਖ ਵਿੱਚ ਇਸ ਦੀ ਭੂਮਿਕਾ ‘ਤੇ ਸੌਚ-ਵਿਮਰਸ਼ ਕਰਨ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਇਆ।
“ਪੰਜਾਬੀ ਪੱਤਰਕਾਰੀ ਦੇ ਸਮਰਪਿਤ ਸੈਮੀਨਾਰ ਵਿੱਚ ‘ਅਜੀਤ’ ਅਖਬਾਰ ਦੇ ਨਿਊਜ਼ ਐਡੀਟਰ ਅਵਤਾਰ ਸਿੰਘ ਸ਼ੇਰਗਿੱਲ ਨੇ ਪ੍ਰਿੰਟ ਮੀਡੀਆ ਦੀ ਮਹੱਤਤਾ ਬਾਰੇ ਰੋਸ਼ਨੀ ਪਾਈ।”