
ਐਬਸਫੋਰਡ, ਅਗਸਤ (ਮਲਕੀਤ ਸਿੰਘ) – ਪੰਜਾਬੀ ਵਿਰਸੇ ਨੂੰ ਵਿਦੇਸ਼ਾਂ ਚ ਜਿੰਦਾ ਰੱਖਣ ਲਈ ਯਤਨਸ਼ੀਲ ‘ਵਿਰਸਾ ਫਾਊਂਡੇਸ਼ਨ’ ਵੱਲੋਂ ਐਬਸਫੋਰਡ ਦੇ ਸੁਹਣੇ ਪਹਾੜਾਂ ਦੀ ਗੋਦ ਵਿੱਚ ਨੌਵਾਂ ਸਲਾਨਾ ‘ਮੇਲਾ ਵਿਰਸੇ ਦਾ’ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਮੇਲੇ ਵਿੱਚ ਪੁੱਜੀਆਂ ਬਹੁਤ ਸਾਰੀਆਂ ਮੁਟਿਆਰਾਂ,

ਪੁਰਾਤਨ ਵਸਤਾਂ — ਚਰਖਾ, ਪੁਰਾਣਾ ਖੂਹ, ਚੁਲਾ-ਚੌਂਕਾ, ਪੀਂਘ, ਸੰਦੂਕ, ਲਲਾਰੀ ਦੀ ਦੁਕਾਨ, ਮੱਛਰਦਾਨੀ, ਭੰਗੂੜਾ — ਨਾਲ ਸੈਲਫੀਆਂ ਲੈਣ ਵਿੱਚ ਰੁੱਝੀਆਂ ਰਹੀਆਂ।

ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇ ਇਸ ਮੇਲੇ ਦੀ ਸ਼ੁਰੂਆਤ ਦਸ਼ਮੇਸ਼ ਸਕੂਲ ਦੇ ਬੱਚਿਆਂ ਵੱਲੋਂ ਧਾਰਮਿਕ ਸ਼ਬਦ ਗਾ ਕੇ ਕੀਤੀ ਗਈ। ਜਪਜੀ ਵੱਲੋਂ ‘ਮਾਂ ਬੋਲੀ ਮੇਰੀ ਪੰਜਾਬੀ’ ਕਵਿਤਾ ਨੇ ਸਭ ਦਾ ਦਿਲ ਜਿੱਤਿਆ। ਗੁਰਦੇਵ ਕੌਰ ਦੇ ਅਲਗੋਜੇ ਅਤੇ ਵੰਜਲੀ, ਸੁਰਲੀਨਾ ਵੱਲੋਂ ਪੁਰਾਤਨ ਗੀਤ, ਅਤੇ ਵੱਖ-ਵੱਖ ਕਲਾਕਾਰਾਂ ਦੇ ਗਿੱਧੇ ਤੇ ਭੰਗੜੇ ਨਾਲ ਮਾਹੌਲ ਰੰਗਾਰੰਗ ਹੋ ਗਿਆ।

ਪ੍ਰਸਿੱਧ ਗਾਇਕਾ ਕਮਲਜੀਤ ਨੀਰੂ ਦੇ ਗੀਤਾਂ ਨੇ ਸਮਾਗਮ ਨੂੰ ਚਰਮ ਤੇ ਪਹੁੰਚਾਇਆ, ਜਦੋਂ ਮੁਟਿਆਰਾਂ ਸਟੇਜ ਅੱਗੇ ਠੁਮਕਿਆਂ ਨਾਲ ਨੱਚਦੀਆਂ ਨਜ਼ਰ ਆਈਆਂ। ਪ੍ਰਮੁੱਖ ਹਸਤੀਆਂ ਵਿੱਚ ਨੌਜਵਾਨ ਸਾਂਸਦ ਸੁਖਮਨ ਗਿੱਲ, ਬਲਵਿੰਦਰ ਕੌਰ ਬਰਾੜ, ਅਰਸ਼ ਕਲੇਰ, ਕੁਲਦੀਪ ਸਿੰਘ ਆਦਿ ਸ਼ਾਮਲ ਸਨ।

ਨਿਊ ਐਬੀ ਕੁਜ਼ੀਨ ਵੱਲੋਂ ਪੇਸ਼ ਕੀਤੇ ਪੰਜਾਬੀ ਭੋਜਨ ਦਾ ਸਾਰਿਆਂ ਨੇ ਆਨੰਦ ਮਾਣਿਆ। ਮੰਚ ਦਾ ਸੰਚਾਲਨ ਬਲਜਿੰਦਰ ਗਿੱਲ ਅਤੇ ਹਰਸ਼ਰਨ ਧਾਲੀਵਾਲ ਨੇ ਕੀਤਾ, ਜਦੋਂ ਕਿ ਜੀ ਕੇ ਐੱਮ ਮੀਡੀਆ ਟੀਵੀ ਦੇ ਜਰਨੈਲ ਸਿੰਘ ਖੰਡੌਲੀ ਨੇ ਪੂਰੀ ਮੀਡੀਆ ਕਵਰੇਜ ਕੀਤੀ। ਅਖੀਰ ਵਿੱਚ ਪ੍ਰਧਾਨ ਧਰਮਵੀਰ ਧਾਲੀਵਾਲ ਅਤੇ ਉਹਨਾਂ ਦੀ ਟੀਮ ਨੇ ਸਭ ਦਾ ਧੰਨਵਾਦ ਕੀਤਾ।