ਸਰੀ (ਬੀ.ਸੀ.) – ਮਨੁੱਖੀ ਅਧਿਕਾਰ ਦਿਹਾੜੇ ਦੇ ਅਵਸਰ ‘ਤੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਅਤੇ ਵੰਜਾਰਾ ਨੋਮੈਡ ਕਲੈਕਸ਼ਨਜ਼ ਵੱਲੋਂ ਤਾਜ ਕਨਵੈਂਸ਼ਨ ਸੈਂਟਰ ਸਰੀ ਵਿੱਚ ਇਕ ਮਹੱਤਵਪੂਰਨ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਸਿੱਖ ਇਤਿਹਾਸ, ਪਛਾਣ ਅਤੇ ਅੱਜ ਸਿੱਖੀ ਪਹਿਚਾਣ ਦੀ ਚੁਣੌਤੀਆਂ ਬਾਰੇ ਡੂੰਘੀ ਗੱਲਬਾਤ ਹੋਈ।
ਇਸ ਸਮਾਗਮ ਦੀ ਖਾਸ ਰੌਣਕ ਸ. ਜਰਨੈਲ ਸਿੰਘ ਵੱਲੋਂ ਤਿਆਰ ਕੀਤੀਆਂ ਗੁਰੂ ਨਾਨਕ ਜਹਾਜ਼ ਦੀਆਂ ਚਾਰ ਵੱਡੀਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਰਹੀ। ਇਸ ਤੋਂ ਇਲਾਵਾ, ਇਤਿਹਾਸਕ ਤਸਵੀਰਾਂ ਅਤੇ ਜਾਣਕਾਰੀ ਭਰੇ ਪੈਨਲ ਰਾਜ ਸਿੰਘ ਭੰਡਾਲ ਵੱਲੋਂ ਵੀ ਸਾਂਝੇ ਕੀਤੇ ਗਏ।
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੀ ਖ਼ਾਸ ਸ਼ਿਰਕਤ ਨੇ ਸਮਾਗਮ ਨੂੰ ਹੋਰ ਮਹੱਤਵਪੂਰਨ ਬਣਾਇਆ, ਜਿੱਥੇ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਲੜਾਈ ‘ਤੇ ਰੌਸ਼ਨੀ ਪਾਈ।
ਵੱਖ-ਵੱਖ ਗੁਰਦੁਆਰਾ ਸੁਸਾਇਟੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਵੀ ਸਰਗਰਮ ਹਿੱਸਾ ਪਾਇਆ। ਵਿਚਾਰ-ਚਰਚਾ ਵਿੱਚ ਇਹ ਵਿਸ਼ੇ ਕੇਂਦਰ ਵਿੱਚ ਰਹੇ:
ਗੁਰੂ ਨਾਨਕ ਜਹਾਜ਼ ਦਾ ਇਤਿਹਾਸਕ ਮਹੱਤਵ “ਅਸੀਂ ਦੱਖਣੀ ਏਸ਼ੀਆਈ ਨਹੀਂ” ਬਹਿਸ ਯੂਨੀਵਰਸਿਟੀਆਂ ‘ਚ ਹੋ ਰਹੀ ਸਿੱਖ ਵਿਰੋਧੀ ਸਿਧਾਂਤਕ ਘੇਰਾਬੰਦੀ ਤੇ
ਸਮਾਗਮ ਦਾ ਸੰਚਾਲਨ ਤਜਿੰਦਰਪਾਲ ਸਿੰਘ ਨੇ ਕੀਤਾ ਅਤੇ ਅੰਤ ਵਿੱਚ ਧੰਨਵਾਦ ਡਾ. ਜਸਜੋਤ ਸਿੰਘ ਮਾਨ ਵੱਲੋਂ ਕੀਤਾ ਗਿਆ। ਤਾਜ ਕਨਵੈਂਸ਼ਨ ਸੈਂਟਰ ਦੇ ਕੁਲਤਾਰ ਸਿੰਘ ਥਿਆੜਾ ਅਤੇ ਸਮੂਹ ਪ੍ਰਬੰਧਕ ਟੀਮ ਨੇ ਪੂਰਾ ਸਹਿਯੋਗ ਦਿੱਤਾ।
ਤਿੰਨ ਘੰਟਿਆਂ ਤੱਕ ਚੱਲਿਆ ਇਹ ਸਮਾਗਮ ਸਿੱਖ ਇਤਿਹਾਸ ਅਤੇ ਪਛਾਣ ਨੂੰ ਮਨੁੱਖੀ ਅਧਿਕਾਰਾਂ ਦੀ ਪਰਿਪੇਖ ਵਿੱਚ ਸਮਝਣ ਲਈ ਯਾਦਗਾਰੀ ਸਾਬਤ ਹੋਇਆ।
— ਜਰਨੈਲ ਸਿੰਘ ਖੰਡੌਲੀ

