ਐਡਮਿੰਟਨ (ਸਰ ਨਿਊਜ ਰੂਮ)
ਕੈਨੇਡਾ ਦੇ ਸੂਬੇ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿੱਚ ਪੁਲਿਸ ਨੇ ਡਰੱਗ ਅਤੇ ਗੈਂਗ ਇਨਫੋਰਸਮੈਂਟ ਯੂਨਿਟ ਦੀ ਕਾਰਵਾਈ ਦੌਰਾਨ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਡੋਡਿਆਂ ਦੀ ਗੈਰਕਾਨੂੰਨੀ ਖੇਤੀ ਕਰਦੇ ਫੜ੍ਹ ਲਿਆ।
ਪੁਲਿਸ ਦੇ ਅਨੁਸਾਰ, ਐਡਮਿੰਟਨ ਦੇ ਨੌਰਥ ਈਸਟ ਖੇਤਰ ਵਿੱਚ ਲਗਭਗ 60 ਹਜ਼ਾਰ ਡੋਡਿਆਂ ਦੇ ਬੂਟੇ ਉਗਾਏ ਗਏ ਸਨ, ਜਿਨ੍ਹਾਂ ਦੀ ਕੀਮਤ 1.60 ਲੱਖ ਤੋਂ 5 ਲੱਖ ਡਾਲਰ ਤੱਕ ਆਕੀ ਗਈ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਖੇਤੀ ਗੈਰਕਾਨੂੰਨੀ ਢੰਗ ਨਾਲ ਡੋਡਾ ਅਤੇ ਭੁੱਕੀ ਬਣਾਉਣ ਅਤੇ ਵੇਚਣ ਲਈ ਕੀਤੀ ਜਾ ਰਹੀ ਸੀ।
ਇਹ ਖੇਤੀ 34 ਸਟਰੀਟ ਤੇ 195 ਐਵਨਿਊ ਨੌਰਥ ਵੈਸਟ ਖੇਤਰ ਵਿੱਚ ਹੋ ਰਹੀ ਸੀ ਅਤੇ ਜਦੋਂ ਪੁਲਿਸ ਨੇ ਛਾਪਾ ਮਾਰਿਆ, ਤਾਂ ਬੂਟੇ ਪੱਕਣ ਵਿੱਚ ਸਿਰਫ਼ ਪੰਜ ਤੋਂ ਸੱਤ ਦਿਨ ਬਾਕੀ ਸਨ।
ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਹਨ — ਸੁਖਦੀਪ ਢਾਨੋਆ (42), ਸੰਦੀਪ ਡਾਂਡੀਵਾਲ (33), ਗੁਰਪ੍ਰੀਤ ਸਿੰਘ (30) ਅਤੇ ਕੁਲਵਿੰਦਰ ਸਿੰਘ (40)।
ਇਹ ਵੀ ਗੌਰਤਲਬ ਹੈ ਕਿ ਸਾਲ 2010 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਚਿਲਾਵੈਕ ਵਿੱਚ ਇਸ ਤੋਂ ਤਿੰਨ ਗੁਣਾ ਵੱਡੀ ਡੋਡਿਆਂ ਦੀ ਖੇਤੀ ਫੜੀ ਗਈ ਸੀ।
#EdmontonPolice #DrugEnforcement #PoppyCultivation #IllegalFarming #PunjabiNews #CanadaNews #GKMNews #EdmontonCrime