Welcome to GKM Media. Watch live TV channel or listen radio station.

Our Contacts

12370 92 Ave, Surrey, BC V3V 1G4, Canada

info@gkmmedia.com

+16047238027

Tag: #press

CanadaSurrey

ਸਵੈ -ਪੜਚੋਲ  ਦਾ ਸੁਨੇਹਾ – ਬੀ ਸੀ ਪੰਜਾਬੀ ਪ੍ਰੈਸ ਕਲੱਬ ਵੱਲੋਂ ਮੀਡੀਆ ਨੂੰ ਚੁਣੌਤੀਆਂ ਨਾਲ ਜੂਝਣ ਤੇ

ਸਰੀ,8 ਸਤੰਬਰ ( ਜੋਗਿੰਦਰ ਸਿੰਘ )-ਪੰਜਾਬੀ ਪ੍ਰੈਸ ਕਲੱਬ ਬੀ. ਸੀ. ਵਲੋਂ ਮੀਡੀਆ ਦੀ ਧੌਂਸ ਰੋਕਣ ਦੇ ਵਿਸ਼ੇ ਹੇਠ ਕਰਵਾਇਆ ਗਿਆ ਸੈਮੀਨਾਰ ਪੱਤਰਕਾਰਾਂ ਨੂੰ ਮੌਜੂਦਾ ਯੁੱਗ ‘ਚ ਮੀਡੀਆ ਨੂੰ ਦਰਪੇਸ ਚਣੌਤੀਆਂ ਨਾਲ ਜੂਝਣ ਦੇ ਨਾਲ-ਨਾਲ ਸਵੈ ਪੜਚੋਲ ਦਾ ਵੀ ਸੁਨੇਹਾ ਦੇ ਗਿਆ l ਪੱਤਰਕਾਰ ਭਾਈਚਾਰੇ ਵਲੋਂ ਅੱਜ ਦੇ ਸਮੇਂ ਮੀਡੀਆ ਦੇ ਇਕ ਹਿੱਸੇ ਵਲੋਂ ਅਪਣਾਈ ਜਾ ਰਹੀ ਨਾਂਹ ਪੱਖੀ ਸੋਚ ਨੂੰ ਤਿਆਗ ਕੇ ਸਮਾਜ ਪ੍ਰਤੀ ਹਾਂ ਪੱਖੀ ਸੋਚ ਨੂੰ ਅਪਨਾਉਣ ਦਾ ਸੁਨੇਹਾ ਦਿੰਦੇ ਇਸ ਸੈਮੀਨਾਰ ਨੂੰ ਸੰਬੋਧਨ ਦੌਰਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁੱਖੀ ਡਾ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਅੱਜ ਜਦੋਂ ਮੀਡੀਆ ਸਾਹਮਣੇ ਅਨੇਕਾਂ ਚਣੌਤੀਆਂ ਹਨ ਤੇ ਖਾਸਕਰ ਭਾਰਤ ‘ਚ ਵਰਗੇ ਵੱਡੇ ਲੋਕਤੰਤਰੀ ਦੇਸ਼ ‘ਚ ਲੋਕ ਪੱਖੀ ਪੱਤਰਕਾਰਾਂ ਨੂੰ ਜੋਖ਼ਮ ‘ਚੋਂ ਗੁਜਰਨਾ ਪੈ ਰਿਹਾ ਹੈ, ਉਸ ਸਮੇਂ ਅਜਿਹੇ ਸੈਮੀਨਾਰ ਮੀਡੀਆ ਨੂੰ ਚੁਣੌਤੀਆਂ ਨਾਲ ਜੂਝਣ ਦੇ ਨਾਲ ਸਵੈ ਪੜਚੋਲ ਲਈ ਵੀ ਪ੍ਰੇਰਦੇ ਹਨ l ਉਨ੍ਹਾਂ ਕਿਹਾ ਕਿ ਸਾਡੇ ਦੇਸ਼ ‘ਚ ਕਿਸਾਨੀ ਸੰਘਰਸ਼ ਦੌਰਾਨ ਮੀਡੀਆ ਦੇ ਵੱਡੇ ਹਿੱਸੇ ਵਲੋਂ ਕਿਰਤੀ ਲੋਕਾਂ ਦੀ ਬਜਾਏ ਸਰਕਾਰ ਦੇ ਪੱਖ ‘ਚ ਖੜਕੇ ਉਲਟਾ ਸੰਘਰਸ਼ਕਾਰੀ ਲੋਕਾਂ ਨੂੰ ਧੌਸ ਦੇਣਾ ਲੋਕਤੰਤਰੀ ਦੇਸ਼ ‘ਚ ਸਭ ਤੋਂ ਭਿਆਨਕ ਦੌਰ ਸੀ, ਪਰ ਉਸ ਸਮੇਂ ਵੀ ਜਾਗਦੀ ਜਮੀਰ ਵਾਲੇ ਪੱਤਰਕਾਰ ਆਪਣੀ ਸਹੀ ਭੂਮਿਕਾ ਨਿਭਾਉਂਦੇ ਰਹੇ ਹਨ l ਉਨ੍ਹਾਂ ਕੈਨੇਡਾ ‘ਚ ਪੰਜਾਬੀ ਪ੍ਰੈਸ ਕਲੱਬ ਵਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਵਿਦੇਸ਼ੀ ਧਰਤੀ ‘ਤੇ ਆਪਣੇ ਭਾਈਚਾਰੇ ਤੇ ਦੇਸ਼ ਦੇ ਹਿੱਤਾਂ ‘ਚ ਨਿਭਾਈ ਜਾ ਰਹੀ ਭੂਮਿਕਾ ਨੂੰ ਸਹੀ ਕਦਮ ਦੱਸਿਆ l ਇਸ ਮੌਕੇ ਪੁੱਜੇ ਚੰਡੀਗੜ ਤੋਂ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਯੁੱਗ ਨੇ ਕਲਮ ਲੈ ਦਬਕਾਉਣ ਵਾਲੇ ਮੀਡੀਆ  ਨੂੰ ਹਾਸੀਏ ‘ਤੇ ਧੱਕ ਦਿੱਤਾ ਹੈ l ਉਨ੍ਹਾਂ ਕਿਹਾ ਕਿ ਮੀਡੀਆ ਨਾਲ ਜੁੜੇ ਵੱਡੇ ਅਦਾਰੇ ਆਪਣੇ ਨਿੱਜੀ ਹਿੱਤਾਂ ਲਈ ਸਰਕਾਰਾਂ ਨਾਲ ਸਮਝੌਤੇ ਕਰਕੇ ਲੋਕ ਹਿੱਤਾਂ ਨੂੰ ਅੱਖੋਂ ਪਰੋਖੇ ਕਰ ਰਹੇ ਹਨ l ਉਨ੍ਹਾਂ ਅਜਿਹੇ ਅਦਾਰਿਆਂ ‘ਚ ਕੰਮ ਕਰਦੇ ਲੋਕ ਪੱਖੀ ਪੱਤਰਕਾਰਾਂ ਨੂੰ ਆਉਂਦੀਆਂ ਸਮੱਸਿਆਵਾਂ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ l ਸ. ਤਰਲੋਚਨ ਸਿੰਘ ਨੇ ਪੰਜਾਬੀ ਪੱਤਰਕਾਰਾਂ ਦੀ ਕੈਨੇਡਾ ‘ਚ ਅਹਿਮ ਭੂਮਿਕਾ ਦੀ ਸਲਾਘਾ ਕੀਤੀ l

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਬੀ. ਸੀ. ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਜ ਚੌਹਾਨ ਨੇ ਕਿਹਾ ਕਿ ਮੀਡੀਆ ਨੂੰ ਹਾਂ ਪੱਖੀ ਸੋਚ ਰੱਖਦਿਆਂ ਹਰੇਕ ਨਾਗਰਿਕ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦੇਣਾ ਚਾਹੀਦਾ ਹੈl ਉਨ੍ਹਾਂ ਕਿਹਾ ਕਿ ਮੀਡੀਆ ਦਾ ਇਕ ਹਿੱਸਾ ਆਪਣੀ ਸੋਚ ਨੂੰ ਹੀ ਲੋਕਾਂ ‘ਤੇ ਥੋਪਕੇ ਲੋਕਾਂ ਦੇ ਵਿਚਾਰਾਂ ਨੂੰ ਨਜ਼ਰ ਅੰਦਾਜ ਕਰ ਰਿਹਾ ਹੈ l ਉਨ੍ਹਾਂ ਇਕ ਉਦਾਹਰਣ ਵੀ ਦਿੱਤੀ ਕਿ ਪਿਛਲੇ ਦਿਨੀਂ ਇਕ ਰੇਡੀਓ ਦੇ ਐਂਕਰ ਵਲੋਂ ਚਰਚਾ ਦੌਰਾਨ ਫੋਨ ਕਰਕੇ ਵਿਚਾਰ ਦੇ ਰਹੇ ਇਕ ਵਿਆਕਤੀ ਦੇ ਫੋਨ ਨੂੰ 30 ਸਕਿੰਟ ‘ਚ ਹੀ ਕੱਟ ਦਿੱਤਾ ਗਿਆ, ਕਿਉਂਕਿ ਉਸਦੇ ਵਿਚਾਰ ਰੇਡੀਓ ਦੀ ਪਾਲਿਸੀ ਮੁਤਾਬਿਕ ਨਹੀਂ ਸੀ l ਉਨ੍ਹਾਂ ਕਿਹਾ ਕਿ ਮੀਡੀਆ ਨੂੰ ਹਾਂ ਪੱਖੀ ਤੇ ਲੋਕ ਵਿਚਾਰਾਂ ਨੂੰ ਪਹਿਲ ਵਾਲੀ ਸੋਚ ਲੈ ਕੇ ਚੱਲਣ ਦੀ ਲੋੜ ਹੈ l ਉਨ੍ਹਾਂ ਇਸ ਮੌਕੇ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ l

ਸਰੀ ਪੁਲਿਸ ਦੇ ਸਟਾਫ ਸਾਰਜੈਂਟ ਜੈਗ ਖੋਸਾ ਨੇ ਕਿਹਾ ਕਿ ਪੱਤਰਕਾਰਾਂ ਨੂੰ ਸਵੈ ਪੜਚੋਲ ਦਾ ਸਨੇਹਾ ਦਿੰਦਾ ਸੈਮੀਨਾਰ ਕਰਵਾਉਣਾ ਚੰਗੀ ਤੇ ਦੂਰਅੰਦੇਸੀ ਵਾਲੀ ਸੋਚ ਦਾ ਪ੍ਰਗਟਾਵਾ ਹੈ l ਉਨ੍ਹਾਂ ਇਸ ਮੌਕੇ ਅਪਰਾਧ ‘ਤੇ ਕਾਬੂ ਪਾਉਣ ਲਈ ਪੁਲਿਸ ਲਈ ਮੀਡੀਆ ਅਤੇ ਲੋਕਾਂ ਪਾਸੋਂ ਸਹਿਯੋਗ ਵੀ ਮੰਗਿਆ l ਸ੍ਰੀ ਖੋਸਾ ਨੇ ਮੀਡੀਆ ਨੂੰ ਲੋਕਾਂ ਦੀਆਂ ਦੇਸ਼ ਪੱਖੀ ਪ੍ਰਾਪਤੀਆਂ ਵਾਲੀਆਂ ਖਬਰਾਂ, ਖਾਸਕਰ ਬੱਚਿਆਂ ਦੀਆਂ ਪੜ੍ਹਾਈ ਜਾਂ ਖੇਡਾਂ ਵਾਲੀਆਂ ਪ੍ਰਾਪਤੀਆਂ ਨੂੰ ਅਹਿਮੀਅਤ ਦੇਣ ਦਾ ਸੁਨੇਹਾ ਦਿੱਤਾ l ਉਨ੍ਹਾਂ ਇਹ ਵੀ ਕਿਹਾ ਕਿ ਪੱਤਰਕਾਰ ਕਿਸੇ ਵੀ ਸਟੋਰੀ ਜਾਂ ਖ਼ਬਰ ਦੇ ਸਮਾਜ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਜਰੂਰ ਧਿਆਨ ‘ਚ ਰੱਖਣ l

ਸੀਨੀਅਰ ਪੱਤਰਕਾਰ ਡਾ ਗੁਰਵਿੰਦਰ ਸਿੰਘ ਧਾਲੀਵਾਲ, ਸ ਜਰਨੈਲ ਸਿੰਘ ਆਰਟਿਸਟ, ਸ ਗੁਰਪ੍ਰੀਤ ਸਿੰਘ ਸਹੋਤਾ, ਸ ਕੁਲਦੀਪ ਸਿੰਘ, ਸੀ ਜੇ ਸਿੱਧੂ, ਦਵਿੰਦਰ ਬੈਨੀਪਾਲ, ਅਰਸ਼ ਬੱਟੂ, ਲਵੀ ਪੰਨੂ ਤੇ ਦੀਪਇੰਦਰ ਸਰਾਂ  ਨੇ ਵੀ ਆਪਣੇ ਵਿਚਾਰ ਰੱਖੇ ਤੇ ਮੀਡੀਆ ਦੀ ਭੂਮਿਕਾ ਨੂੰ ਹੋਰ ਉਸਾਰੂ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਦੇਸ਼ ਪ੍ਰਦੇਸ਼ ਟਾਈਮਜ ਅਖ਼ਬਾਰ ਦੇ ਮੁੱਖ ਸੰਪਾਦਕ ਸ. ਸੁਖਵਿੰਦਰ ਸਿੰਘ ਚੋਹਲਾ ਨੇ ਪੱਤਰਕਾਰ ਸਾਥੀਆਂ ਨੂੰ ਪੰਜਾਬ ਦੇ ਨਾਲ ਕੈਨੇਡਾ ਦੀਆਂ ਖਬਰਾਂ ਨੂੰ ਵੀ ਅਹਿਮੀਅਤ ਦੇਣ ਦੇ ਨਾਲ ਇਕ ਚੰਗੇਰੇ ਤੇ ਨਰੋਏ ਸਮਾਜ ਦੀ ਉਸਾਰੀ ਲਈ ਕੰਮ ਕਰਨ ਦਾ ਸੱਦਾ ਦਿੱਤਾ l

ਪ੍ਰੈਸ ਕਲੱਬ ਵਲੋਂ ਪ੍ਰਧਾਨ ਬਲਜਿੰਦਰ ਕੌਰ ਨੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਜੀ ਆਇਆ ਆਖਿਆ ਤੇ ਧੰਨਵਾਦ ਕੀਤਾ l ਮੰਚ ਸੰਚਾਲਨ ਦੀ ਜਿੰਮੇਵਾਰੀ ਪ੍ਰੈਸ ਕਲੱਬ ਦੇ ਸੈਕਟਰੀ ਖੁਸ਼ਪਾਲ ਗਿੱਲ ਨੇ ਬਾਖੂਬੀ ਨਿਭਾਈ। ਇਸ ਮੌਕੇ ਕੈਨੇਡਾ ਦੇ ਮੀਡੀਆ ਦੇ ਇਕ ਹਿੱਸੇ ਵਲੋਂ ਆਪਣੇ ਪੱਤਰਕਾਰਾਂ ਸਮੇਤ ਮੁੱਦਿਆਂ ‘ਤੇ ਆਵਾਜ਼ ਉਠਾਉਣ ਵਾਲੇ ਲੋਕਾਂ ਨਾਲ ਕੀਤੇ ਜਾਂਦੇ ਮਾੜੇ ਸ਼ਬਦੀ ਦੁਰਵਿਵਹਾਰ ਦਾ ਮੁੱਦਾ ਉਠਾਇਆ ਗਿਆ l

Post Co Reporter – ਜੋਗਿੰਦਰ ਸਿੰਘ