ਕੰਗਨਾ ਰਣੌਤ ਨੇ ਪੰਜਾਬ ਦੇ ਹਾਲਾਤ ਬਾਰੇ ਕੀ ਕਿਹਾ, ਜਿਸ ਨਾਲ ਛਿੜਿਆ ਵਿਵਾਦ

ਅਦਾਕਾਰਾ ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਕਰਕੇ ਅਕਸਰ ਚਰਚਾ ਵਿੱਚ ਰਹਿੰਦੇ ਹਨ।
ਹੁਣ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਇੱਕ ਸਟੋਰੀ ਪਾਈ ਜਿਸ ਤੋਂ ਬਾਅਦ ਇੱਕ ਵਾਰ ਫ਼ਿਰ ਉਹ ਅਲੋਚਣਾ ਦਾ ਸਾਹਮਣਾ ਕਰ ਰਹੇ ਹਨ।
ਕੰਗਨਾ ਵਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਗਿਆ ਸੀ।
ਕੰਗਨਾ ਨੇ ਕਿਹਾ ਕਿ ਕਈ ਪੰਜਾਬ ਸੈਲੇਬਰਿਟੀਜ਼ ਨੂੰ ‘ਖ਼ਾਲਿਸਤਾਨ ਵਾਇਰਸ ਵਾਲੀ ਬਿਮਾਰੀ ਹੈ’ ਤੇ ਭਾਰਤ ਸਰਕਾਰ ਵਲੋਂ ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ।
ਇਸ ਪੋਸਟ ਨੂੰ ਪੰਜਾਬ ਵਿੱਚ ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਕਾਰਵਾਈ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਦਿਲਜੀਤ ਦੋਸਾਂਝ ਨੇ ਇਸ ਪੋਸਟ ਦਾ ਜਵਾਬ ਦਿੰਦਿਆਂ ਲਿਖਿਆ, “ਪੰਜਾਬ ਮੇਰਾ ਰਹੇ ਵਸਦਾ’।
ਕੰਗਨਾ ਤੇ ਦਿਲਜੀਤ ਦਰਮਿਆਨ ਸੋਸ਼ਲ ਮੀਡੀਆ ’ਤੇ ਚੱਲ ਰਹੀ ਖਿਚੋਤਾਣ ਤੋਂ ਬਾਅਦ ਮਨੋਰੰਜਨ ਜਗਤ ਦੇ ਕਈ ਲੋਕਾਂ ਨੇ ਕੰਗਨਾ ਦੀ ਅਲੋਚਣਾ ਕੀਤੀ ਹੈ।

ਕੰਗਨਾ ਨੇ ਕੀ ਕਿਹਾ
ਕੰਗਨਾ ਨੇ ਵੱਖ-ਵੱਖ ਦਾਲਾਂ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਓਏ ਪਲਸ ਆ ਗਈ ਪਲਸ’। ਇਸ ਪੋਸਟ ਵਿੱਚ ਉਨ੍ਹਾਂ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਤੇ ਲਿਖਿਆ, “ਸਿਰਫ਼ ਕਹਿ ਰਹੀ ਹਾਂ”। (ਜਸਟ ਸੇਈਂਗ)
ਇਸ ਨੂੰ ਪੰਜਾਬ ਵਿੱਚ ਪੁਲਿਸ ਦੀ ‘ਵਾਰਿਸ ਪੰਜਾਬ ਦੇֹ’ ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਖ਼ਿਲਾਫ਼ ਕਾਰਵਾਈ ਚੱਲ ਰਹੀ ਕਾਰਵਾਈ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਬੀਤੇ ਦਿਨੀਂ ਪੰਜਾਬ ਪੁਲਿਸ ਵਲੋਂ ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਦੀਆਂ ਕੋਸ਼ਿਸ਼ਾਂ ਦੇ ਚਲਦਿਆਂ ਉਨ੍ਹਾਂ ਦੇ 150 ਤੋਂ ਵੱਧ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਸੋਸ਼ਲ ਮੀਡੀਆ ਉੱਪਰ ਇੱਕ ਮੀਮ ‘ਪੁਲਸ ਆ ਗਈ ਪੁਲਸ’ ਵਾਇਰਲ ਹੋ ਰਿਹਾ ਹੈ।
ਕੰਗਨਾ ਰਣੌਤ ਵਲੋਂ ਦਾਲਾਂ ਦੀ ਤਸਵੀਰ ਸਾਂਝੀ ਕਰਕੇ ਪਲਸ ਆ ਗਈ ਪਲਸ ਲਿਖੇ ਜਾਣ ਨੂੰ ‘ਪੁਲਸ ਆ ਗਈ ਪੁਲਸ।’ ਮੀਮ ਨਾਲ ਜੋੜਿਆ ਜਾ ਰਿਹਾ ਹੈ।

ਕੰਗਨਾ ਨੇ ਖ਼ਾਲਿਸਤਾਨ ਹਮਾਇਤੀ ਕਲਾਕਾਰਾਂ ਬਾਰੇ ਕੀ ਕਿਹਾ
ਇੰਨਾਂ ਹੀ ਨਹੀਂ ਕੰਗਨਾ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ, “ਇਹ ਖ਼ਾਲਿਸਤਾਨੀ ਵਾਇਰਸ ਵਾਲੀ ਬਿਮਾਰੀ ਨੇ ਉੱਥੇ (ਪੰਜਾਬ ’ਚ) ਕਈ ਸੈਲੇਬਰਿਟੀਜ਼ ਨੂੰ ਫ਼ੜ੍ਹਿਆ ਹੋਇਆ ਹੈ…”
“ਭਾਰਤ ਦੇ ਨਕਸ਼ੇ ਤੋਂ ਸਿਰ ਕੱਟਣ ਦੇ ਗੰਭੀਰ ਨਤੀਜੇ ਹੋਣਗੇ।”
“ਭਾਰਤ ਸਰਕਾਰ ਨੂੰ ਇਨ੍ਹਾਂ ਮੁਲਜ਼ਿਮਾਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ…।”

ਦਿਲਜੀਤ ਨੂੰ ਟੈਗ ਕਰਕੇ ਖ਼ਾਲਿਸਤਾਨ ਦਾ ਜ਼ਿਕਰ
ਕੰਗਨਾ ਨੇ ਦਾਲਾਂ ਵਾਲੀ ਪੋਸਟ ਵਿੱਚ ਤਾਂ ਦਿਲਜੀਤ ਦੋਸਾਂਝ ਨੂੰ ਟੈਗ ਕੀਤਾ ਸੀ ਜਿਸ ਨੂੰ ਪੁਲਿਸ ਆਉਣ ਨਾਲ ਜੋੜਕੇ ਦੇਖਿਆ ਜਾ ਰਿਹਾ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਪੋਸਟ ਕੀਤੀ ਜਿਸ ਵਿੱਚ ਦਿਲਜੀਤ ਨੂੰ ਸਵਾਲ ਕੀਤੇ ਗਏ ਹਨ।
ਕੰਗਨਾ ਨੇ ਲਿਖਿਆ, “ਪਹਿਲਾਂ ਦਿਲਜੀਤ ਦੋਸਾਂਝ ਧਮਕੀਆਂ ਦਿੰਦਾ ਸੀ ਤੇ ਉਸ ਦੇ ਖ਼ਾਲਿਸਤਾਨੀ ਸਰਮਥਕ ਵੀ ਬਹੁਤ ਬੋਲਦੇ ਸਨ…ਹੁਣ ਚੁੱਪ ਕਿਉਂ ਕਰ ਗਏ ਹਨ?”
“ਪਹਿਲਾਂ ਕਿਸ ਦੇ ਹੌਸਲੇ ਉੱਤੇ ਉੱਡ ਰਹੇ ਸਨ ਤੇ ਹੁਣ ਕਿਸ ਤੋਂ ਡਰ ਗਏ ਹਨ? ਇਸ ਬਾਰੇ ਦੱਸੋ?”
ਇੱਕ ਹੋਰ ਪੋਸਟ ‘ਚ ਕੰਗਨਾ ਨੇ ਲਿਖਿਆ, ‘ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਰੱਖਣ, ਪੁਲਿਸ ਆ ਚੁੱਕੀ, ਇਹ ਉਹ ਸਮਾਂ ਨਹੀਂ ਹੈ, ਜਦੋਂ ਕੋਈ ਕੁਝ ਵੀ ਕਰਦਾ ਸੀ, ਦੇਸ਼ ਨਾਲ ਗੱਦਾਰੀ ਜਾਂ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਹੁਣ ਮਹਿੰਗੀ ਪਵੇਗੀ।’
ਇਸ ਪੋਸਟ ਵਿੱਚ ਕੰਗਨਾ ਨੇ ਹਥਕੜੀ ਦੇ ਨਾਲ ਨਾਲ ਇੱਕ ਮਹਿਲਾ ਪੁਲਿਸ ਕਰਮੀ ਦਾ ਸਟਿੱਕਰ ਵੀ ਲਗਾਇਆ ਹੈ।

ਦਿਲਜੀਤ ਦਾ ਜਵਾਬ
ਕੰਗਨਾ ਰਣੌਤ ਤੇ ਦਿਲਜੀਤ ਦੋਸਾਂਝ ਪਹਿਲਾਂ ਵੀ ਪੰਜਾਬ ਦੇ ਮਸਲਿਆਂ ਉੱਤੇ ਇੱਕ ਦੂਜੇ ਨਾਲ ਸੋਸ਼ਲ ਮੀਡੀਆ ’ਤੇ ਬਹਿਸ ਕਰਦੇ ਕਈ ਵਾਰ ਦੇਖੇ ਗਏ ਹਨ।
ਇਸ ਵਾਰ ਦਿਲਜੀਤ ਨੇ ਕੰਗਨਾ ਦੀ ਪੋਸਟ ਤੋਂ ਬਾਅਦ ਲਿਖਿਆ, “ਪੰਜਾਬ ਮੇਰਾ ਰਹੇ ਵੱਸਦਾ।’
ਦਿਲਜੀਤ ਦੇ ਇਸ ਜਵਾਬ ਨੂੰ ਸੋਸ਼ਲ ਮੀਡੀਆ ਉੱਤੇ ਸਰਾਹਿਆ ਜਾ ਰਿਹਾ ਹੈ।

ਵਿਦੇਸ਼ਾਂ ਵਿੱਚ ਬੈਠੇ ਕਲਾਕਾਰਾਂ ਨੇ ਕੀ ਕਿਹਾ
ਪੰਜਾਬ ਗਾਇਕ ਕਰਨ ਔਜਲਾ ਨੇ ਪੰਜਾਬ ਬਾਰੇ ਆਪਣੇ ਵਿਚਾਰ ਪ੍ਰਗਟਦਿਆ ਲਿਖਿਆ, “ਬਿਨਾ ਸੱਚੇ ਤੁਰਿਆ ਨੇੜੇ ਕੀ ਤੇ ਦੂਰ ਕੀ, ਪਹਿਲਾਂ ਦੁੱਖ ਭੁੱਲਿਆ ਨਹੀਂ..ਹੋਰ ਹੋਣਾ ਚੂਰ ਕੀ। ਉਹਨੂੰ ਹੀ ਪਤਾ ਹੁੰਦਾ, ਮਜਬੂਰ ਕੀ ਪੰਜਾਬ ਤੇ ਪੰਜਾਬ ਦੀਆਂ ਮਾਵਾਂ ਦਾ ਕਸੂਰ ਕੀ?”
ਕਰਨ ਔਜਲਾ ਦੀ ਇਸ ਪੋਸਟ ਨੂੰ ਵੀ ਪੰਜਾਬ ਦੇ 1984 ਦੇ ਹਾਲਾਤ ਨਾਲ ਜੋੜਿਆ ਜਾ ਰਿਹਾ ਹੈ। ਤੇ ਕੰਗਨਾ ਨੂੰ ਦਿੱਤੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ।

ਕੰਗਨਾ ਦੇ ਕਿਸਾਨਾਂ ਬਾਰੇ ਵਿਵਾਦਿਤ ਬਿਆਨ
ਦੇਸ਼ ਭਰ ਦੇ ਕਿਸਾਨਾ ਵਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਭਰ ਚੱਲੇ ਅੰਦੋਲਨ ਦੌਰਾਨ ਵੀ ਕੰਗਨਾ ਆਪਣੇ ਬਿਆਨਾਂ ਕਰਕੇ ਵਿਵਾਦਾਂ ਵਿੱਚ ਰਹੇ ਸਨ।
ਸਤੰਬਰ 2020 ਵਿੱਚ ਉਨ੍ਹਾਂ ਨੇ ਮੁਜ਼ਾਹਰਾਕਾਰੀ ਕਿਸਾਨਾਂ ਬਾਰੇ ਇੱਕ ਟਵੀਟ ਵਿੱਚ ਲਿਖਿਆ, “ਉਹ ਲੋਕ ਜੋ ਸੀਏਏ ਬਾਰੇ ਗ਼ਲਤ ਜਾਣਕਾਰੀ ਅਤੇ ਅਫ਼ਵਾਹਾਂ ਫੈਲਾਅ ਰਹੇ ਸਨ, ਜਿਨ੍ਹਾਂ ਕਾਰਨ ਦੰਗੇ ਹੋਏ, ਉਹੀ ਲੋਕ ਹੁਣ ਕਿਸਾਨ ਬਿੱਲ ਬਾਰੇ ਗ਼ਲਤ ਜਾਣਕਾਰੀ ਫੈਲਾਅ ਰਹੇ ਹਨ।”
“ਦੇਸ਼ ਵਿੱਚ ਦਹਿਸ਼ਤ ਪੈਦਾ ਕਰ ਰਹੇ ਹਨ, ਉਹ ‘ਅੱਤਵਾਦੀ’ ਹਨ। ਤੁਸੀਂ ਜਾਣਦੇ ਹੋ ਕਿ ਮੈਂ ਕੀ ਕਿਹਾ ਪਰ ਗ਼ਲਤ ਜਾਣਕਾਰੀ ਫੈਲਾਉਣਾ ਕੁਝ ਲੋਕਾਂ ਨੂੰ ਪੰਸਦ ਹੈ।”
ਇਸ ਤੋਂ ਬਾਅਦ ਕੰਗਨਾ ਨੇ ਸੋਮਵਾਰ ਨੂੰ ਫ਼ਿਰ ਟਵੀਟ ਕੀਤਾ ਅਤੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਜੇ ਕੋਈ ਸਾਬਤ ਕਰਦਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ ‘ਅੱਤਵਾਦੀ’ ਕਿਹਾ ਹੈ ਤਾਂ ਉਹ ਟਵਿੱਟਰ ਡਿਲੀਟ ਕਰ ਦੇਵੇਗੀ।
ਕੰਗਨਾ ਨੇ ਪਹਿਲੇ ਟਵੀਟ ਤੋਂ ਬਾਅਦ ਆਪਣੀ ਸਫਾਈ ਵਿਚ ਦੋ ਟਵੀਟ ਕੀਤੇ। ਹਾਲਾਂਕਿ, ਉਨ੍ਹਾਂ ਨੇ ਪਹਿਲਾ ਟਵੀਟ ਡਿਲੀਟ ਨਹੀਂ ਕੀਤਾ ਸੀ।
ਕੰਗਨਾ ਆਪਣੇ ਕਹੀ ‘ਤੇ ਅੜੇ ਰਹੇ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਖੇਤੀ ਬਿੱਲ ਬਾਰੇ ਅਫਵਾਹਾਂ ਫ਼ੈਲਾਉਣ ਵਾਲਿਆਂ ਨੂੰ ‘ਅੱਤਵਾਦੀ’ ਕਿਹਾ ਹੈ ਨਾ ਕਿ ਕਿਸਾਨਾਂ ਨੂੰ।